ਧੀਰਮੱਲ ਸੋਢੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧੀਰਮੱਲ ਸੋਢੀ (1627-1677 ਈ.): ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਦੇ ਘਰ ਮਾਤਾ ਅਨੰਤੀ ਦੀ ਕੁੱਖੋਂ ਜਲਿੰਧਰ ਜ਼ਿਲ੍ਹੇ ਦੇ ਕਰਤਾਰਪੁਰ ਨਗਰ ਵਿਚ 11 ਜਨਵਰੀ 1627 ਈ. ਨੂੰ ਪੈਦਾ ਹੋਇਆ ਧੀਰਮੱਲ, ਸ਼ੁਰੂ ਤੋਂ ਹੀ ਬੜੇ ਜ਼ਿੱਦੀ ਅਤੇ ਹਠੀ ਸੁਭਾ ਵਾਲਾ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਚਲੇ ਗਏ, ਤਾਂ ਇਹ ਕਰਤਾਰਪੁਰ-੨ (ਵੇਖੋ) ਹੀ ਰਿਹਾ ਅਤੇ ਭਾਈ ਗੁਰਦਾਸ ਦੁਆਰਾ ਲਿਖੀ ਗੁਰੂ ਗ੍ਰੰਥ ਸਾਹਿਬ ਦੀ ਮੂਲ ਬੀੜ ਨੂੰ ਆਪਣੇ ਕਬਜ਼ੇ ਵਿਚ ਹੀ ਰਖਿਆ। ਆਪਣੇ ਪਿਤਾ ਬਾਬਾ ਗੁਰਦਿੱਤਾ ਦੇ ਦੇਹਾਂਤ ਉਤੇ ਵੀ ਇਹ ਕੀਰਤਪੁਰ ਨ ਗਿਆ ਕਿ ਕਿਤੇ ਬੀੜ ਉਥੇਲੈ ਜਾਣੀ ਪੈ ਜਾਏ।

            ਜਦੋਂ ਗੁਰੂ ਹਰਿਗੋਬਿੰਦ ਜੀ ਨੇ ਇਸ ਦੇ ਛੋਟੇ ਭਰਾ (ਗੁਰੂ) ਹਰਿਰਾਇ ਜੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ, ਤਾਂ ਇਸ ਨੇ ਕਰਤਾਰਪੁਰ ਵਿਚ ਸਮਾਨਾਂਤਰ ਗੁਰੂ-ਗੱਦੀ ਕਾਇਮ ਕਰ ਲਈ ਅਤੇ ਮਸੰਦ ਵੀ ਨਿਯੁਕਤ ਕੀਤੇ। ਗੁਰੂ ਹਰਿਰਾਇ ਦੁਆਰਾ ਬਾਬਾ ਰਾਮ ਰਾਇ ਨੂੰ ਛੇਕੇ ਜਾਣ ’ਤੇ ਇਸ ਨੇ ਉਸ ਨਾਲ ਸੰਪਰਕ ਕਾਇਮ ਕਰ ਲਿਆ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮੱਖਣ ਸ਼ਾਹ ਲੁਬਾਣੇ ਨੇ ਕਰਤਾਰਪੁਰ ਵਿਚ ਲਭ ਲਿਆ ਤਾਂ ਧੀਰਮੱਲ ਤੋਂ ਜਰਿਆ ਨ ਗਿਆ। ਉਸ ਨੇ ਆਪਣੇ ਮਹੰਤ ਸ਼ੀਹਾਂ ਨਾਲ ਹੋਰ ਬੰਦੇ ਭੇਜ ਕੇ ਗੁਰੂ ਜੀ ਉਪਰ ਗੋਲੀ ਚਲਵਾਈ ਅਤੇ ਘਰ ਦਾ ਸਾਰਾ ਸਾਮਾਨ ਲੁਟ ਲਿਆਉਂਦਾ। ਪ੍ਰਤਿਕ੍ਰਿਆ ਵਜੋਂ ਗੁਰ- ਸਿੱਖ ਧੀਰਮੱਲ ਦੇ ਘਰ ਦਾ ਸਾਰਾ ਸਾਮਾਨ ਲੁਟ ਲਿਆਏ ਅਤੇ ਆਦਿ-ਬੀੜ ਵੀ ਲੈ ਆਏ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਸਭ ਕੁਝ ਧੀਰਮੱਲ ਦੇ ਘਰ ਪਰਤਾ ਦਿੱਤਾ। ਬੀੜ ਵੀ ਵਾਪਸ ਕਰ ਦਿੱਤੀ ਜੋ ਹੁਣ ਉਥੇ ਹੀ ਸੁਰਖਿਅਤ ਹੈ ਅਤੇ ‘ਕਰਤਾਰਪੁਰੀ ਬੀੜ ’ (ਵੇਖੋ) ਦੇ ਨਾਂ ਨਾਲ ਪ੍ਰਸਿੱਧ ਹੈ। ਧੀਰਮੱਲ ਦੀ ਇਸ ਕਰਤੂਤ ਕਰਕੇ ਇਸ ਨੂੰ ਮੀਣਿਆਂ ਵਾਂਗ ਸਿੱਖ-ਸਮਾਜ ਵਿਚੋਂ ਛੇਕ ਦਿੱਤਾ ਗਿਆ।

            ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਦ ਔਰੰਗਜ਼ੇਬ ਬਾਦਸ਼ਾਹ ਨੇ ਇਸ ਨੂੰ ਵੀ ਦਿੱਲੀ ਤਲਬ ਕੀਤਾ ਅਤੇ ਰਣਥਮਭੋਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਉਥੇ ਹੀ 16 ਨਵੰਬਰ 1677 ਈ. ਨੂੰ ਇਸ ਦਾ ਦੇਹਾਂਤ ਹੋ ਗਿਆ। ਇਸ ਦੇ ਵੰਸ਼ਜ ਕਰਤਾਰਪੁਰੀਏ ਸੋਢੀ ਅਖਵਾਉਂਦੇ ਹਨ ਅਤੇ ਇਨ੍ਹਾਂ ਦੇ ਸਥਾਨ ਦਾ ਨਾਂ ‘ਡੇਰਾ ਧੀਰਮੱਲ’ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.